ਬਾਦਲ ਦੀਆਂ ਗੋਟੀਆਂ
- ਗੁਰਸੇਵਕ ਸਿੰਘ ਧੌਲਾ
ਪੰਜਾਬ ਦੀ ਸਿਆਸਤ ’ਤੇ ਕਾਬਜ਼ ਬਾਦਲਾਂ ਦੀ ਪਿਓ-ਪੁੱਤ ਜੋੜੀ ਨੇ ਜਿਸ ਢੰਗ ਨਾਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘਰ ਤੋਰਿਆ ਹੈ ਉਸ ਨਾਲ
ਸਮੁੱਚੇ ਪੰਜਾਬ ਪੱਖੀਆਂ ਨੂੰ ਗਹਿਰਾ ਸਦਮਾ ਪੁੱਜਾ ਹੈ। ਪੰਜਾਬ ਸੂਬੇ ਨਾਲ ਹਮਦਰਦੀ ਰੱਖਣ ਵਾਲੇ ਹਰ ਸ਼ਖਸ ਨੇ ਭਾਵੇਂ ਉਹ ਕਿਸੇ ਰਾਜਨੀਤਕ ਪਾਰਟੀ ਨਾਲ
ਸਬੰਧ ਨਾ ਵੀ ਰੱਖਦਾ ਹੋਵੇ ਪਰ ਉਹ ਇਹ ਚੰਗੀ ਤਰਾਂ ਜਾਣਦਾ ਹੈ ਕਿ ਪੰਜਾਬ ਇਸ ਸਮੇਂ ਵਿੱਤੀ ਹਾਲਤਾਂ ਪੱਖੋਂ ਦੀਵਾਲੀਆ ਹੋਣ ਕਿਨਾਰੇ ਪੁੱਜ ਚੁੱਕਾ ਹੈ। ਇਸ ਦੀ
ਆਰਥਿਕਤਾ ਨੂੰ ਕਰਜ਼ਿਆਂ ਦੇ ਸਿਰ ’ਤੇ ਹੋਰ ਬਹੁਤੀ ਦੇਰ ਚਲਾਇਆ ਨਹੀਂ ਜਾ ਸਕਦਾ। ਅਜਿਹੇ ਹਾਲਾਤਾਂ ਵਿਚ ਪੰਜਾਬ ਦੇ ਵਿੱਤ ਮੰਤਰੀ ਦਾ ਇਹ ਫਰਜ਼ ਬਣਦਾ
ਹੈ ਕਿ ਉਹ ਆਪਣੇ ਲੋਕਾਂ ਲਈ ਅਜਿਹੇ ਸਾਧਨ ਜੁਟਾਵੇ ਜਿਸ ਨਾਲ ਉਹਨਾਂ ਦੇ ਲੋਕਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਪੰਜਾਬ ਦੇ ਵਿੱਤ ਮੰਤਰੀ ਨੂੰ ਕੇਂਦਰ
ਸਰਕਾਰ ਵੱਲੋਂ ਪ੍ਰਸਤਾਵਿਤ ਤਜਵੀਜ਼ਾਂ ਇਸ ਕਰਕੇ ਪਸੰਦ ਸਨ ਜਿਸ ਨਾਲ ਆਉਂਦੇ ਸਾਲਾਂ ਵਿਚ ਪੰਜਾਬ ਨੂੰ ਕੁਝ ਰਾਹਤ ਮਿਲ ਸਕਣੀ ਸੰਭਵ ਸੀ।
ਦੂਸਰੇ ਪਾਸੇ ਬਾਦਲ ਪਿਓ-ਪੁੱਤਰਾਂ ਦੀ ਅਕਾਲੀ ਸਿਆਸਤ ’ਤੇ ਕਬਜ਼ਾ ਕਰੀ ਬੈਠੀ ਉਹ ਜੋੜੀ ਹੈ ਜੋ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨੂੰ ਜਾਣਦੀ ਹੋਈ ਵੀ
ਅਜਿਹੇ ਹਵਾਈ ਕਿਲੇ ਉਸਾਰ ਰਹੀ ਹੈ ਜੋ ਅਸਲ ਵਿਚ ਸੱਚ ਨਹੀਂ ਹਨ। ਬਾਦਲਾਂ ਦੀ ਇਸ ਜੋੜੀ ਵੱਲੋਂ ਪੰਜਾਬ ਦੀ ਜਨਤਾ ਨੂੰ ਭੁਲੇਖੇ ਵਿਚ ਰੱਖ ਕੇ ਹਰ ਸਾਲ
‘ਸੂਬਾ ਨੰਬਰ ਵਨ’ ਦਾ ਐਵਾਰਡ ਵੀ ਪ੍ਰਾਪਤ ਕਰ ਲਿਆ ਜਾਂਦਾ ਹੈ ਤਾਂ ਕਿ ਆਮ ਲੋਕ ਇਹ ਸਮਝ ਸਕਣ ਕਿ ਸਾਡਾ ਪੰਜਾਬ ਵਾਹੋ-ਦਾਹੀ ਤਰੱਕੀ ਦੀਆਂ ਪੌੜੀਆਂ
ਚੜ ਰਿਹਾ ਹੈ। ਇਸ ਸਮੇਂ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕੁਝ ਤਜਵੀਜ਼ਾਂ ਜੋ ਸਰਕਾਰ ਪਾਸ ਰੱਖੀਆਂ ਆਉਂਦੇ ਸਾਲਾਂ ਵਿਚ ਪੰਜਾਬ ਨੂੰ ਰੁੜਦਾ ਰੱਖਣ ਲਈ ਕੇਂਦਰ
ਦੀਆਂ ਇਹ ਸ਼ਰਤਾਂ ਸਾਨੂੰ ਮਨਜ਼ੂਰ ਕਰਨੀਆਂ ਹੀ ਪੈਣੀਆਂ ਹਨ ਤਾਂ ਪੰਜਾਬ ਸਰਕਾਰ ਨੇ ਇਹਨਾਂ ਸ਼ਰਤਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਸ਼ਰਤਾਂ ਨਾ
ਮੰਨਣ ਦੇ ਕਾਰਨ ਵੀ ਸਪੱਸ਼ਟ ਹਨ ਕਿ ਕੇਂਦਰੀ ਤਜਵੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਬਹੁਤ ਸਾਰੀਆਂ ਸਬਸਿਡੀਆਂ ਖਤਮ ਕਰਨੀਆਂ ਪੈਣੀਆਂ ਸਨ ਜੋ ਬਾਦਲ
ਸਰਕਾਰ ਨੇ ਪਿਛਲੀਆਂ ਚੋਣਾਂ ਜਿੱਤਣ ਸਮੇਂ ਲੋਕਾਂ ਸਾਹਮਣੇ ਰੱਖੀਆਂ ਸਨ। ਅਗਰ ਸਰਕਾਰ ਇਹ ਸ਼ਰਤਾਂ ਮਨਜ਼ੂਰ ਕਰਦੀ ਹੈ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਅਤੇ ਅਗਲੇ ਦੋ ਸਾਲਾਂ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਨਸੀਬ ਹੋ ਸਕਦਾ ਹੈ। ਇਸ ਲਈ ਬਾਦਲ
ਸਰਕਾਰ ਸਮਝਦੀ ਹੈ ਕਿ ਪੰਜਾਬ ਦੀ ਆਰਥਿਕਤਾ ਭਾਵੇਂ ਕਿਸੇ ਖੂਹ ਵਿਚ ਪਏ ਪਰ ਸਾਡਾ ਪਰਿਵਾਰ ਕਿਸੇ ਵੀ ਤਰਾਂ ਸਿਆਸਤ ਦੀ ਕੁਰਸੀ ਤੋਂ ਪਾਸੇ ਨਹੀਂ ਹੋਣਾ
ਚਾਹੀਦਾ ਇਹ ਹੀ ਕਾਰਨ ਹੈ ਕਿ ਬਾਦਲਾਂ ਦੀ ਪਿਓ-ਪੁੱਤ ਜੋੜੀ ਪੰਜਾਬ ਦੀ ਜਨਤਾ ਨੂੰ ਹਨੇਰੇ ਵਿਚ ਰੱਖ ਕੇ ਆਪਦੀ ਕੁਰਸੀ ਪੱਕੀ ਰੱਖਣਾ ਚਾਹੁੰਦੀ ਹੈ। ਪੰਜਾਬ ਦੇ
ਤੱਤਕਾਲੀ ਖਜ਼ਾਨਾ ਮੰਤਰੀ ਦੀ ਤਜਵੀਜ਼ ਜੇਕਰ ਮੰਨ ਲਈ ਜਾਂਦੀ ਤਾਂ ਪੰਜਾਬ ਨੂੰ ਤਾਂ ਭਾਵੇਂ ਵੱਡਾ ਲਾਭ ਮਿਲ ਸਕਦਾ ਸੀ ਪਰ ਇਸ ਤਰਾਂ ਕਰਨ ਨਾਲ ਬਾਦਲ ਵੱਲੋਂ
ਪ੍ਰਾਪਤ ‘ਪੰਜਾਬ ਸੂਬਾ ਨੰਬਰ ਵਨ’ ਦੇ ਰੁਤਵੇ ਦਾ ਸੱਚ ਸਾਹਮਣੇ ਆ ਹੀ ਜਾਣਾ ਸੀ। ਇਸ ਲਈ ਇਸ ਸਿਆਸੀ ਜੋੜੀ ਨੇ ਮਨਪ੍ਰੀਤ ਸਿੰਘ ਬਾਦਲ ਦੀਆਂ ਤਜਵੀਜ਼ਾਂ
ਮੰਨਣ ਤੋਂ ਨਾਂਹ ਕਰ ਦਿੱਤੀ। ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਅਸਲ ਸਮੱਸਿਆਵਾਂ ਨੂੰ ਜਨਤਕ ਤੌਰ ’ਤੇ ਦੱਸਣਾ ਸ਼ੁਰੂ ਕਰ ਦਿੱਤਾ ਤਾਂ ਉਸ ਉਤੇ ਪਾਰਟੀ
ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਘਰ ਨੂੰ ਤੋਰ ਦਿੱਤਾ।
ਆਪਣੇ ਅਹੁਦੇ ਤੋਂ ਅਸਤੀਫਾ ਦੇਣ ਸਮੇਂ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਜੋ ਸੱਚਾਈ ਲੋਕਾਂ ਸਾਹਮਣੇ ਪੇਸ਼ ਕੀਤੀ ਹੈ ਉਸ ਦੀ ਹਰ ਗੱਲ ਵਿਚਾਰਨਯੋਗ ਹੈ। ਉਹਨਾਂ ਦਾ
ਕਹਿਣਾ ਹੈ ਕਿ ਜ਼ਰੂਰੀ ਨਹੀਂ ਕਿ ਸੱਚ ਬਹੁਗਿਣਤੀ ਪਾਸ ਹੀ ਹੋਵੇ ਸਗੋਂ ਸੱਚ ਤਾਂ ਘੱਟ ਗਿਣਤੀ ਲੋਕਾਂ ਕੋਲ (ਭਾਵ ਮਨਪ੍ਰੀਤ ਸਿੰਘ ਬਾਦਲ ਖੁਦ) ਵੀ ਹੋ ਸਕਦਾ ਹੈ।
ਇਸ ਸਮੇਂ ਅਕਾਲੀ ਦਲ ਦੇ ਬਿਆਨ ਆਏ ਸਨ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ 35000 ਕਰੋੜ ਦਾ ਕਰਜ਼ਾ ਮਾਫ਼ ਕਰਨ ਲਈ ਤਜਵੀਜ਼ ਨਹੀਂ ਭੇਜੀ ਤਾਂ
ਮਨਪ੍ਰੀਤ ਸਿੰਘ ਬਾਦਲ ਨੇ ਉਹ ਚਿੱਠੀ ਵੀ ਜਨਤਕ ਕਰ ਦਿੱਤੀ ਕੇਂਦਰ ਦੀ ਜਿਸ ਚਿੱਠੀ ’ਤੇ ਖੁਦ ਬਾਦਲ ਸਾਹਿਬ ਦੇ ਦਸਤਖ਼ਤ ਸਨ। ਸ੍ਰ. ਮਨਪ੍ਰੀਤ ਨੇ ਕਿਹਾ ਕਿ
ਇਸ ਸਮੇਂ ਪੰਜਾਬ ਸਿਰ ਜੋ 71000 ਕਰੋੜ ਦਾ ਕੇਂਦਰੀ ਕਰਜ਼ਾ ਹੈ ਉਸ ਦਾ ਵਿਆਜ਼ ਹੀ ਹਰ ਸਾਲ 8000 ਕਰੋੜ ਮੂਲ ਰਕਮ ਵਿਚ ਸ਼ਾਮਲ ਹੋ ਜਾਂਦਾ ਹੈ ਇਸੇ
ਤਰਾਂ ਸੰਨ 2009-10 ਦੇ ਸਲਾਨਾ ਬਜਟ ਦੀ ਯੋਜਨਾ 8625 ਕਰੋੜ ਰੁਪਏ ਦੀ ਹੈ ਜਿਸ ਵਿਚੋਂ 968 ਕਰੋੜ ਕੇਂਦਰ ਸਰਕਾਰ ਨੇ ਦੇਣੇ ਹਨ ਅਤੇ ਬਾਕੀ 7657
ਕਰੋੜ ਰੁਪਈਆ ਜੁਟਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਹੁਣ ਜਦੋਂ ਪੰਜਾਬ ਦਾ ਖਜ਼ਾਨਾ ਇੰਨੀ ਰਕਮ ਦਾ ਭਾਰ ਸਹਿਣ ਦੇ ਸਮਰੱਥ ਹੀ ਨਹੀਂ ਰਿਹਾ ਤਾਂ
ਇਸ ਘਾਟੇ ਨੂੰ ਘੱਟ ਕਰਨ ਲਈ ਵਿੱਤੀ ਸੋਮੇ ਵੀ ਪੰਜਾਬ ਨੂੰ ਲੱਭਣੇ ਪੈਣੇ ਹਨ। ਮਨਪ੍ਰੀਤ ਸਿੰਘ ਬਾਦਲ ਅਨੁਸਾਰ ਜੇਕਰ ਕੇਂਦਰ ਸਰਕਾਰ ਦੀਆਂ ਇਹ ਸ਼ਰਤਾਂ ਨਾ
ਮੰਨੀਆਂ ਗਈਆਂ ਤਾਂ ਆਉਂਦੇ ਤਿੰਨ-ਚਾਰ ਸਾਲਾਂ ਵਿਚ ਪੰਜਾਬ ਸਾਰੀਆਂ ਦੇਣਦਾਰੀਆਂ ਨਾ ਦੇਣ ਕਰਕੇ ਦੀਵਾਲੀਆ ਹੋ ਜਾਵੇਗਾ। ਆਪਣੇ ਅਸਤੀਫੇ ਵਿਚ ਮਨਪ੍ਰੀਤ
ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਆਰਥਿਕਤਾ ਲਈ ਮੈਂ ਆਪਣਾ ਸਿਆਸੀ ਜੀਵਨ ਦਾਅ ’ਤੇ ਲਾਉਣ ਲਈ ਤਿਆਰ ਹਾਂ, ਮੈਂ ਕੁਝ ਔਕੜਾਂ ਭਰਿਆ
ਸਮਾਂ ਗੁਜ਼ਾਰਨਾ ਪਸੰਦ ਕਰਾਂਗਾ ਨਾ ਕਿ ਆਉਣ ਵਾਲੀਆਂ ਪੀੜੀਆਂ ਦੀ ਤਰੱਕੀ ਦੇ ਸਾਰੇ ਮੌਕੇ ਬੰਦ ਕਰਨ ਦੀ ਇਜਾਜ਼ਤ ਦੇਣ ਵਿਚ ਭਾਈਵਾਲ ਬਣਾਂਗਾ। ਮਨਪ੍ਰੀਤ
ਸਿੰਘ ਬਾਦਲ ਵਲੋਂ ਭਾਵੇਂ ਸੱਚ ਦੇ ਸਿਰ ਚੜ ਕੇ ਆਪਦਾ ਦਾਮਨ ਦਾਗੀ ਹੋਣ ਤੋਂ ਪਹਿਲਾਂ ਹੀ ਬਚਾ ਲਿਆ ਹੈ ਪਰ ਕੀ ਉਸ ਨੂੰ ਪਾਰਟੀ ਵਿਚੋਂ ਕੱਢਣ ਨਾਲ ਮਸਲੇ ਦਾ
ਹੱਲ ਨਿਕਲ ਆਵੇਗਾ? ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪੰਜਾਬ ਸਿਰ ਇਸ ਸਮੇਂ ਕੇਂਦਰ ਸਰਕਾਰ ਦੇ 71000 ਕਰੋੜ ਰੁਪਏ ਤੋਂ ਇਲਾਵਾ ਹੋਰ ਦੇਸ਼ੀ ਅਤੇ
ਵਿਦੇਸ਼ੀ ਵਿਆਜ਼ੜੀਆਂ ਦੀਆਂ ਵੀ ਦੇਣਦਾਰੀਆਂ ਹਨ ਅਤੇ ਕੁੱਲ ਮਿਲਾ ਕੇ ਇਸ ਸਮੇਂ ਪੰਜਾਬ ਸਿਰ ਕਰਜ਼ਾ 85000 ਕਰੋੜ ਹੋਣ ਦਾ ਅਨੁਮਾਨ ਹੈ। ਕੀ ਬਿਨਾਂ ਕਿਸੇ
ਸਾਧਨ ਜੁਟਾਏ ਇਹ ਸਭ ਦੇਣਦਾਰੀਆਂ ਪੰਜਾਬ ਕਿਸੇ ਢੰਗ ਨਾਲ ਵੀ ਉਤਾਰ ਸਕੇਗਾ? ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘਬਾਦਲ ਨੇ ਇਸ ਮਸਲੇ ਸਬੰਧੀ ਜੋ
ਸਪੱਸ਼ਟੀਕਰਨ ਦਿੱਤਾ ਹੈ ਉਹ ਵੀ ਕੋਈ ਪਾਏਦਾਰ ਜਾਂ ਨਵਾਂ ਨਹੀਂ ਹੈ। ਸ੍ਰ. ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਿਰ ਕੇਂਦਰ ਦੇ ਕਰਜ਼ੇ ਦਾ ਬਹੁਤਾ ਹਿੱਸਾ ਉਹ ਹੈ ਜੋ
ਪੰਜਾਬ ਸਿਰ ਖਾੜਕੂਵਾਦ ਦੌਰਾਨ ਚੜਿਆ ਹੈ ਇਸ ਲਈ ਸਾਂਝੀ ਕੌਮੀ ਸਮੱਸਿਆ ਵਜੋਂ ਨਜਿੱਠਣ ਵਜੋਂ ਇਹ ਕਰਜ਼ਾ ਕੇਂਦਰ ਸਰਕਾਰ ਨੂੰ ਮਾਫ਼ ਕਰਨਾ ਚਾਹੀਦਾ ਹੈ।
ਜੇਕਰ ਬਾਦਲ ਸਾਹਿਬ ਆਪਣੀ ਇਸ ਦਲੀਲ ਨੂੰ ਮਜ਼ਬੂਤ ਸਮਝਦੇ ਹਨ ਤਾਂ ਫਿਰ ਉਹ ਆਪਣੇ ਦੋ ਵਾਰ ਮੁੱਖ ਮੰਤਰੀ ਬਣਨ ਦੇ ਕਾਰਜਕਾਲ ਦੌਰਾਨ ਇਸ ਕਰਜ਼ੇ
ਦੀਆਂ ਕਿਸ਼ਤਾਂ ਅਤੇ ਵਿਆਜ਼ ਕਿਉਂ ਭਰ ਰਹੇ ਹਨ? ਫਿਰ ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਦਲੀਲ ਨੂੰ ਦੁਨੀਆਂ ਸਾਹਮਣੇ ਰੱਖ ਕੇ ਪੰਜਾਬ ਨੂੰ
ਕੰਗਾਲ ਹੋਣ ਤੋਂ ਬਚਾਉਣ ਲਈ ਯਤਨ ਸ਼ੁਰੂ ਕਰਨ।
ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵਿਚੋਂ ਕੱਢੇ ਜਾਣ ਦੇ ਅੰਦਰੂਨੀ ਕਾਰਨਾਂ ਬਾਰੇ ਸਿਆਸੀ ਮਾਹਿਰਾਂ ਨੇ ਜੋ ਹੋਰ ਅਨੁਮਾਨ ਲਗਾਏ ਹਨ ਉਹ ਵੀ ਸੱਚਾਈ ਦੇ ਨੇੜੇ ਹਨ
। ਇਹਨਾਂ ਮਾਹਿਰਾਂ ਅਨੁਸਾਰ ਸ੍ਰ. ਬਾਦਲ ਆਪਣੇ ਜੀਵਨ ਵਿਚ ਹੁਣ ਅਖੀਰਲੀ ਵਾਰ ਹੀ ਮੁੱਖ ਮੰਤਰੀ ਹਨ ਇਸ ਤੋਂ ਬਾਅਦ ਦੀਆਂ ਸਿਆਸੀ ਸਥਿਤੀਆਂ ਅਨੁਸਾਰ
ਜਾਂ ਤਾਂ ਸ੍ਰ. ਸੁਖਬੀਰ ਸਿੰਘ ਬਾਦਲ ਹੀ ਮੁੱਖ ਮੰਤਰੀ ਦੀ ਕੁਰਸੀ ਨੂੰ ਪ੍ਰਾਪਤ ਕਰ ਸਕਦੇ ਹਨ ਜਾਂ ਫਿਰ ਜੇਕਰ ਅਗਲੀ ਵਾਰ ਕਾਂਗਰਸ ਪਾਰਟੀ ਪੰਜਾਬ ਦੀ ਸਤਾ
’ਤੇ ਕਾਬਜ਼ ਹੋ ਗਈ ਤਾਂ ਫਿਰ ਸੁਖਬੀਰ ਨੂੰ ਸਾਰੀ ਜ਼ਿੰਦਗੀ ਮੁੱਖ ਮੰਤਰੀ ਦੀ ਕੁਰਸੀ ਨਸੀਬ ਨਾ ਹੀ ਹੋਵੇ, ਕਿਉਂਕਿ ਅਕਾਲੀ ਦਲ ਵਿਚੋਂ ਹੀ ਬਹੁਤ ਸਾਰੇ ਸੀਨੀਅਰ
ਆਗੂ ਅਕਾਲੀ ਦਲ ਵੱਲੋਂ ਕੁਰਸੀ ਦੇ ਦਾਅਵੇਦਾਰ ਪੈਦਾ ਹੋ ਸਕਦੇ ਹਨ ਅਤੇ ਇਹਨਾਂ ਵਿਚ ਬਹੁਤ ਸਾਰੇ ਤਾਂ ਵੱਡੀਆਂ ਕੁਰਬਾਨੀਆਂ ਵਾਲੇ ਅਤੇ ਪੰਜਾਬ ਨੂੰ ਵੱਡੀਆਂ
ਪ੍ਰਾਪਤੀਆਂ ਦੇਣ ਵਾਲੇ ਵੀ ਹਨ। ਜੇਕਰ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਕਰਜ਼ੇ ਦਾ ਕੋਈ ਹੱਲ ਕੱਢ ਕੇ ਪੰਜਾਬ ਦੀ ਆਰਥਿਕਤਾ ਨੂੰ ਲੀਹ ’ਤੇ ਲੈ ਆਉਂਦਾ ਹੈ ਤਾਂ
ਯੋਗਤਾ ਦੇ ਆਧਾਰ ’ਤੇ ਉਹ ਵੀ ਅਗਲੇ ਸਾਲਾਂ ਵਿਚ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਹੋ ਸਕਦਾ ਹੈ। ਜਿਸ ਤਰਾਂ ਕਿ ਬਾਦਲ ਸਾਹਿਬ ਦਾ
ਕੁਦਰਤੀ ਸੁਭਾਅ ਹੈ ਕਿ ਉਸ ਨੇ ਆਪਣੀ ਕੁਰਸੀ ਦੁਆਲੇ ਪੈਦਾ ਹੋਣ ਵਾਲੇ ਕਿਸੇ ਵੀ ਸ਼ਖਸ ਜਿਵੇਂ ਸ੍ਰ. ਗੁਰਚਰਨ ਸਿੰਘ ਟੌਹੜਾ, ਕੁਲਦੀਪ ਸਿੰਘ ਵਡਾਲਾ,
ਰਵੀਇੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਢੀਂਡਸਾ, ਕੈਪਟਨ ਕੰਵਲਜੀਤ ਸਿੰਘ ਆਦਿ ਨੂੰ ਕਿਸੇ ਨਾ ਕਿਸੇ ਤਰਾਂ ਉਚਾ ਨਹੀਂ ਉਠਣ ਦਿੱਤਾ
ਬਿਲਕੁਲ ਇਸੇ ਤਰਾਂ ਹੀ ਬਾਦਲ ਸਾਹਿਬ ਨਹੀਂ ਸਨ ਚਾਹੁੰਦੇ ਕਿ ਕਰਜ਼ਾ ਮਾਫੀ ਵਾਲੀ ਗੱਲ ਨਾਲ ਮਨਪ੍ਰੀਤ ਸਿੰਘ ਦਾ ਕੱਦ ਵੀ ਉਸ ਦੀ ਕੁਰਸੀ ਦੇ ਬਰਾਬਰ ਚਲਾ
ਜਾਵੇ ਇਸ ਲਈ ਪਾਰਟੀ ਵਿਚ ਅਨੁਸ਼ਾਸਨ ਦਾ ਬਹਾਨਾ ਬਣਾ ਕੇ ਖਜ਼ਾਨਾ ਮੰਤਰੀ ਨੂੰ ਹੁਣੇ ਹੀ ਪਾਰਟੀ ਵਿਚੋਂ ਕੱਢਣਾ ਜ਼ਰੂਰੀ ਹੈ ਉਹ ਭਾਵੇਂ ਆਪਣਾ ਭਤੀਜਾ ਵੀ
ਕਿਉਂ ਨਾ ਹੋਵੇ। ਬਿਨਾਂ ਸ਼ੱਕ ਇਹ ਸਾਰੀਆਂ ਗੱਲਾਂ ਮਹਿਜ਼ ਅਨੁਮਾਨ ਨਹੀਂ ਸਗੋਂ ਹਕੀਕਤ ਹਨ ਪਰ ਪੈਰ ਵਿਚ ਵੱਜੀ ਸ਼ੂਲ ਤੇ ਨਰਮ ਪੱਟੀ ਬੰਨ ਕੇ ਬਹੁਤੇ ਦਿਨ ਨਹੀਂ
ਤੁਰਿਆ ਜਾ ਸਕਦਾ ਅਖੀਰੀ ਹੱਲ ਅਤੇ ਪੱਕਾ ਹੱਲ ਤਾਂ ਉਸ ਪੀੜਦਾਇਕ ਸ਼ੂਲ ਨੂੰ ਪੈਰ ਵਿਚੋਂ ਕੱਢਣ ਨਾਲ ਨਿਕਲੇਗਾ। ਇਸੇ ਤਰਾਂ ਪੰਜਾਬ ਦੇ ਕਰਜ਼ੇ ਸਬੰਧੀ
ਮਨਪ੍ਰੀਤ ਨੂੰ ਪਾਰਟੀ ਵਿਚੋਂ ਕੱਢ ਕੇ ਸ਼ੂਲ ਵੱਜੀ ਥਾਂ ’ਤੇ ਬਾਦਲ ਸਾਹਿਬ ਵੱਲੋਂ ਬੰਨੀ ਗਈ ਪੋਲੀ ਪੱਟੀ ਨਾਲ ਬਹੁਤਾ ਸਮਾਂ ਨਹੀਂ ਤੁਰਿਆ ਜਾਣਾ। ---